ਵਾਸ਼ਿੰਗਟਨ : ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿਚ ਗੋਲੀ ਚੱਲਣ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ ਅਤੇ ਲੋਕ ਮਾਰੇ ਜਾ ਰਹੇ ਹਨ। ਪਿਛਲੇ ਕੁੱਝ ਦਿਨਾਂ ਵਿਚ ਭੀੜ ’ਤੇ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ’ਚ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਜ਼ਖਮੀ ਹੋ ਗਏ। ਅਮਰੀਕਾ ਵਾਸੀਆਂ ਨੇ ਹੁਣ ਬੰਦੂਕਾਂ ਦੀ ਖੁੱਲੇਆਮ ਖ਼ਰੀਦ ’ਤੇ ਰੋਕ ਲਾਉਣ ਦੀ ਮੰਗ ਵੀ ਤੇਜ਼ੀ ਨਾਲ ਉਠ ਰਹੀ ਹੈ।
ਬੀਤੇ ਐਤਵਾਰ ਨੂੰ ਹੋਈ ਤਾਜ਼ਾ ਘਟਨਾ ਦੀ ਗੱਲ ਕਰੀਏ ਤਾਂ ਫਲੋਰਿਡਾ ਇਲਾਕੇ ਵਿੱਚ ਇੱਕ ਬੈਂਕੇਟ ਹਾਲ ’ਚ ਆਯੋਜਤ ਪ੍ਰੋਗਰਾਮ ਦੌਰਾਨ ਭੀੜ ’ਤੇ ਦਿਨ-ਦਿਹਾੜੇ ਗੋਲੀਬਾਰੀ ਹੋਈ, ਜਿਸ ’ਚ 2 ਲੋਕਾਂ ਦੀ ਮੌਤ ਹੋ ਗਈ। ਬੀਤੇ 132 ਦਿਨਾਂ ਵਿੱਚ ਅਮਰੀਕਾ ’ਚ ਇਸ ਤਰ੍ਹਾਂ ਦੀਆਂ 200 ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦੇ ਚਲਦਿਆਂ ਅਮਰੀਕਾ ਵਿੱਚ ਬੰਦੂਕਾਂ ਤੇ ਰਾਈਫ਼ਲਾਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਮੰਗ ਨੇ ਤੇਜ਼ੀ ਫੜ੍ਹ ਲਈ ਹੈ। ਹਥਿਆਰਾਂ ਦੀ ਸ਼ਰ੍ਹੇਆਮ ਵਿਕਰੀ ਦੀ ਵਿਰੋਧੀ ਡੈਮੋਕਰੇਟਿਕ ਪਾਰਟੀ ਹੁਣ ਸੱਤਾ ਵਿੱਚ ਹੈ। ਦੇਖਿਆ ਜਾਣਾ ਹੈ ਕਿ ਬਾਈਡਨ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਹੋ ਰਹੀ ਹਥਿਆਰਾਂ ਦੀ ਵਿਕਰੀ ਨੂੰ ਰੋਕਣ ਲਈ ਹੁਣ ਕੀ ਕਦਮ ਚੁੱਕਦੇ ਹਨ।